ਮੋਗਾ: ਫ਼ਰੀਦਕੋਟ ਵਿਖੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਬੇਅਦਬੀ ਦੇ ਕੇਸਾਂ ਨਾਲ ਸਬੰਧਤ ਦੋਸ਼ੀਆਂ ਤੱਕ ਪੁੱਜਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਵਲੋਂ ਹੁਣ ਮਲਕੇ (ਮੋਗਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਖਿਡਾਉਣ ਦੀ 4 ਨਵੰਬਰ 2015 ਨੂੰ ਵਾਪਰੀ ਘਟਨਾ ਨਾਲ ਸਬੰਧਤ 3 ਦੋਸ਼ੀ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ |

ਸੂਚਨਾ ਅਨੁਸਾਰ ਗਿ੍ਫ਼ਤਾਰ ਕੀਤੇ ਤਿੰਨੋਂ ਕਥਿਤ ਦੋਸ਼ੀ ਪਿ੍ਥੀ ਪੁੱਤਰ ਮਹਿੰਗਾ (ਬਾਘਾਪੁਰਾਣਾ), ਅਮਰਦੀਪ ਪੁੱਤਰ ਸੁਖਮੰਦਰ ਅਤੇ ਮਿੱਠੂ ਮਾਨ ਦੋਵੇਂ ਮਲਕੇ ਪਿੰਡ ਤੋਂ ਹਨ ਅਤੇ ਸਾਰੇ ਡੇਰਾ ਸਿਰਸਾ ਨਾਲ ਸਬੰਧਤ ਹਨ | ਸੂਚਨਾ ਅਨੁਸਾਰ ਪੁਲਿਸ ਨੂੰ ਅਜੇ 2-3 ਹੋਰ ਦੋਸ਼ੀ ਵੀ ਲੋੜੀਂਦੇ ਹਨ | ਵਿਸ਼ੇਸ਼ ਜਾਂਚ ਟੀਮ ਵਲੋਂ ਇਨ੍ਹਾਂ ਤਿੰਨਾਂ ਦੋਸ਼ੀਆਂ ਤੋਂ ਪਿੰਡ ਮਲਕੇ ਅਤੇ ਦੂਸਰੀਆਂ ਥਾਵਾਂ ‘ਤੇ ਜਾ ਕੇ ਮੌਕੇ ਦੀ ਨਿਸ਼ਾਨਦੇਹੀ ਵੀ ਕਰਵਾ ਲਈ ਗਈ ਹੈ, ਜਿਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ |

ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਸੂਚਨਾ ਅਨੁਸਾਰ ਦੋਸ਼ੀਆਂ ਵਲੋਂ 4 ਨਵੰਬਰ 2015 ਨੂੰ ਮਲਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਡਾਉਣ ਲਈ ਜ਼ਿੰਮੇਵਾਰੀ ਕਬੂਲ ਲਈ ਹੈ | ਸੂਚਨਾ ਅਨੁਸਾਰ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਬਰਗਾੜੀ ਘਟਨਾ ਨਾਲ ਸਬੰਧਤ ਗਿ੍ਫ਼ਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਕ ਪਿ੍ਥੀ ਦੇ ਨਾਂਅ ਦਾ ਜ਼ਿਕਰ ਹੋਇਆ ਸੀ ਪਰ ਪੁਲਿਸ ਨੂੰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ | ਜਾਂਚ ਦੌਰਾਨ ਹੁਣ ਸਾਹਮਣੇ ਆਇਆ ਕਿ ਉਹ ਬਦਲੇ ਨਾਂਅ ਹੇਠ ਸੰਗਰੂਰ ਜੇਲ੍ਹ ਵਿਚ ਡੇਰਾ ਸਿਰਸਾ ਮੁਖੀ ਦੀ 25 ਅਗਸਤ 2017 ਨੂੰ ਹੋਈ ਗਿ੍ਫ਼ਤਾਰੀ ਤੋਂ ਬਾਅਦ ਸੰਗਰੂਰ ਅਤੇ ਮਾਨਸਾ ਵਿਖੇ ਹੋਈ ਹਿੰਸਾ ਦੇ ਦੋਸ਼ ਵਿਚ ਨਜ਼ਰਬੰਦ ਕੀਤਾ ਗਿਆ ਸੀ | ਪੁਲਿਸ ਵਲੋਂ ਉਸ ਤੋਂ ਕੀਤੀ ਪੁੱਛਗਿੱਛ ਤੋਂ ਉਸ ਦੇ ਦੋ ਹੋਰ ਸਾਥੀਆਂ ਅਮਰਦੀਪ ਪੁੱਤਰ ਸੁਖਮੰਦਰ ਅਤੇ ਮਿੱਠੂ ਮਾਨ ਦੇ ਨਾਂਅ ਸਾਹਮਣੇ ਆਏ, ਜਿਨ੍ਹਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ |

ਸੂਚਨਾ ਅਨੁਸਾਰ ਇਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਡੇਰਾ ਸਿਰਸਾ ਦੀ 6 ਮੈਂਬਰੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ (ਹਰਿਆਣਾ) ਵਲੋਂ ਪਿ੍ਥੀ ਨੂੰ ਡੇਰੇ ਬੁਲਾ ਕੇ ਕਿਹਾ ਗਿਆ ਕਿ ਸਿੱਖਾਂ ਦੇ ਗ੍ਰੰਥ ਦੀ ਬੇਅਦਬੀ ਕਰਨ ਦਾ ਉਸ ਨੂੰ ਕਾਰਜ ਸੌਾਪਿਆ ਜਾ ਰਿਹਾ ਹੈ | ਪਿ੍ਥੀ ਅਨੁਸਾਰ ਉਸ ਵਲੋਂ ਅਮਰਦੀਪ ਉਰਫ਼ ਦੀਪਾ ਜੋ ਡੇਰਾ ਸਿਰਸਾ ਦੀ ਸਥਾਨਕ 25 ਮੈਂਬਰੀ ਕਮੇਟੀ ਦਾ ਮੈਂਬਰ ਹੈ, ਨੂੰ ਉਸ ਵਲੋਂ ਸ੍ਰੀ ਗ੍ਰੰਥ ਸਾਹਿਬ ਜੀ ਲੱਭਣ ਦਾ ਕੰਮ ਦਿੱਤਾ ਗਿਆ, ਜਿਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਫ਼ਰੀ ਬੀੜ ਦੇ ਦੂਜੇ ਭਾਗ ਦਾ ਪ੍ਰਬੰਧ ਕੀਤਾ ਅਤੇ ਇਸ ਮੰਤਵ ਲਈ ਉਨ੍ਹਾਂ ਆਪਣੇ ਪਿੰਡ ਦੇ ਮਿੱਠੂ ਮਾਨ, ਜਿਸ ਕੋਲ ਮੋਟਰਸਾਈਕਲ ਸੀ, ਨੂੰ ਬੁਲਾ ਕੇ 4 ਨਵੰਬਰ 2015 ਨੂੰ ਸਵੇਰੇ 3 ਵਜੇ ਤੋਂ 4 ਵਜੇ ਦੌਰਾਨ ਉਕਤ ਪਵਿੱਤਰ ਬੀੜ ਨੂੰ ਪਾੜਨ ਤੋਂ ਬਾਅਦ ਪੱਤਰੇ ਖਿਡਾਉਣ ਦਾ ਕੰਮ ਕੀਤਾ ਅਤੇ ਫਿਰ ਸਮਾਲਸਰ ਰੋਡ ਤੋਂ ਹੁੰਦੇ ਹੋਏ ਬਰਗਾੜੀ ਵੱਲ ਚਲੇ ਗਏ |

ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿ੍ਥੀ ਵਲੋਂ ਬਾਅਦ ਵਿਚ 6 ਮੈਂਬਰੀ ਕਮੇਟੀ ਨੂੰ ਕੰਮ ਪੂਰਾ ਕਰਨ ਲਈ ਸੂਚਿਤ ਵੀ ਕੀਤਾ ਗਿਆ | ਸੂਚਨਾ ਅਨੁਸਾਰ ਪੁਲਿਸ ਵਲੋਂ ਅਦਾਲਤ ਤੋਂ 2 ਹੋਰ ਦੋਸ਼ੀਆਂ ਸਤਨਾਮ ਸੱਤਾ ਅਤੇ ਦਵਿੰਦਰ ਦੀ ਗਿ੍ਫ਼ਤਾਰੀ ਲਈ ਵੀ ਅਦਾਲਤ ਤੋਂ ਗਿ੍ਫ਼ਤਾਰੀ ਵਾਰੰਟ ਲਏ ਗਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ |