ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਸੰਤ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਨੂੰ ਪਰਿਵਾਰਕ ਮੈਂਬਰਾਂ ਸਮੇਤ ਪੰਜਾਬ ਪੁਲਿਸ ਵਲੋਂ ਸਾਲ 1993 ਵਿਚ ਸ਼ਹੀਦ ਕਰ ਦਿੱਤਾ ਸੀ ਜਿਸ ਦੇ ਸਬੰਧ ਵਿਚ ਸੀਬੀਆਈ ਅਦਾਲਤ ਵਿਚ ਗਵਾਹੀਆਂ ਮੁੜ ਸ਼ੁਰੂ ਹੋ ਗਈਆਂ ਹਨ।

ਇਸ ਸਬੰਧੀ ਵਿਚ ਭਾਈ ਸਤਨਾਮ ਸਿੰਘ ਖੰਡਾ (ਪੰਜ ਪਿਆਰੇ) ਨੇ ਪ੍ਰੈਸ ਨਾਲ ਗੱਲ ਕਰਦਿਆਂ ਦਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੀਬੀਆਈ ਅਦਾਲਤ ਵਿਚ ਗਵਾਈਆਂ ਦੇਣ ਲਈ ਪਹੁੰਚੇ ਸਨ। ਭਾਈ ਸਤਨਾਮ ਸਿੰਘ ਖੰਡਾ ਨੇ ਦਸਿਆ ਕਿ ਸੀਬੀਆਈ ਅਦਾਲਤ ਵਿਚ ਮੁੜ ਗਵਾਹੀਆਂ ਸ਼ੁਰੂ ਹੋਣ ਨਾਲ ਜਿੱਥੇ ਪਰਿਵਾਰ ਨੂੰ ਇੰਨਸਾਫ਼ ਮਿਲਣ ਦੀ ਆਸ ਬੱਝੀ ਹੈ ਉੱਥੇ ਦੋਸ਼ ਲਾਉਂਦਿਆਂ ਕਿਹਾ ਕਿ ਕੇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ਨੂੰ ਬਚਾਉਣ ਲਈ ਤਰਨਤਾਰਨ ਦੇ ਇਕ ਸੀਨੀਅਰ ਸਿਆਸੀ ਲੀਡਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪੀੜਤ ਪਰਿਵਾਰਾਂ ਦਬਾਅ ਬਣਾਇਆ ਜਾ ਰਿਹਾ ਹੈ।

ਭਾਈ ਸਤਨਾਮ ਸਿੰਘ ਖੰਡਾ ਪੁਤੱਰ ਜਥੇਦਾਰ ਮੇਜਾ ਸਿੰਘ, ਬਾਬਾ ਕੇਵਲ ਸਿੰਘ ਪੁਤੱਰ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਅਤੇ ਬਲਬੀਰ ਸਿੰਘ ਪੁਤੱਰ ਕੇਸਰ ਸਿੰਘ ਗਵਾਹੀਆਂ ਦੇਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸੀਬੀਆ ਅਦਾਲਤ ਵਿਚ ਆਪਣੇ ਵਕੀਲ ਸਰਬਜੀਤ ਸਿੰਘ ਸਮੇਤ ਪਹੁੰਚੇ ਸਨ। ਕੱਲ੍ਹ ਦੂਜੀ ਵਾਰ ਵੀ ਸਿਰਫ਼ ਬਲਬੀਰ ਸਿੰਘ ਦੀ ਗਵਾਹੀ ਹੋਈ ਤੇ ਬਾਕੀਆਂ ਗਵਾਹੀਆਂ 1 ਮਈ ਨੂੰ ਹੋਣੀਆਂ ਹਨ।

ਜ਼ਿਕਰਯੋਗ ਹੈ ਕਿ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਜਿਨ੍ਹਾਂ ਕੋਲ ਲਗਭਗ 35 ਗੁਰਦੁਆਰਿਆਂ ਦੀ ਸੇਵਾ ਸੀ ਜਿਨ੍ਹਾਂ ਨੂੰ ਸਾਲ 1993 ਵਿਚ ਬਾਬਾ ਚਰਨ ਸਿੰਘ ਤੇ ਉਨ੍ਹਾਂ ਦੇ ਭਰਾਵਾਂ ਬਾਬਾ ਮੇਜਾ ਸਿੰਘ, ਜਥੇਦਾਰ ਕੇਸਰ ਸਿੰਘ ਅਤੇ ਜ. ਗੁਰਦੇਵ ਸਿੰਘ ਤੋਂ ਇਲਾਵਾ ਗੁਰਮੇਲ ਸਿੰਘ ਤੇ ਬਲਵਿੰਦਰ ਸਿੰਘ 6 ਜਣਿਆਂ ਨੂੰ ਤਰਨਤਾਰਨ ਪੁਲਿਸ ਉਸ ਸਮੇਂ ਦੇ ਜ਼ਿਲ੍ਹਾ ਪੁਲਿਸ ਮੁੱਖੀ ਅਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਐਸ ਪੀ ਖੂਬੀ ਰਾਮ, ਡੀ ਐਸ ਪੀ ਗੁਰਜੀਤ ਸਿੰਘ ਰੰਧਾਵਾ ਅਤੇ ਇੰਸਪੈਕਟਰ ਸੂਬਾ ਸਿੰਘ ਨੇ ਪੀਏ ਸੁਖਦੇਵ ਰਾਜ ਜੋਸ਼ੀ ਸਮੇਤ ਆਪਣੀ ਪੁਲਿਸ ਸਮੇਤ ਵੱਖ ਵੱਖ ਥਾਵਾਂ ਤੋਂ ਫੜ ਕੇ ਸ਼ਹੀਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਇੰਨਸਾਫ਼ ਲਈ ਪੈਰਵਈ ਸ਼ੁਰੂ ਕੀਤੀ ਗਈ ਪਰ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਟੇਅ ਤੁੜਵਾਈ ਫਿਰ ਸੁਪਰੀਮ ਕੋਰਟ ਤੋਂ ਸਟੇਅ ਤੁੜਵਾਈ ਅਤੇ ਫਿਰ ਹਾਈਕੋਰਟ ਤੋਂ ਸਟੇਅ ਤੁੜਵਾ ਹੁਣ ਸੈਸ਼ਨ ਅਦਾਲਤ ਸਪੈਸ਼ਲ ਜੱਜ ਸੀਬੀਆਈ ਕੋਲ ਮੁੜ ਕੇਸ ਦੀ ਪੈਰਵਈ ਆਰੰਭ ਹੋ ਗਈ ਹੈ । ਜਿਸ ਵਿਚ ਕੱਲ੍ਹ ਦੂਜੀ ਵਾਰ ਵੀ ਬਲਬੀਰ ਸਿੰਘ ਦੀ ਗਵਾਹੀ ਹੋਈ ਤੇ ਬਾਕੀ ਗਵਾਹੀਆਂ ਵਿਚ ਮਾਤਾ ਸੁਰਜੀਤ ਕੌਰ ਧਰਮ ਪਤਨੀ ਸ਼ਹੀਦ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਗਵਾਹੀ 1 ਮਈ ਨੂੰ ਹੋਵੇਗੀ।